ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਹੋਏ ਪੰਜ ਪਿਆਰੇ ਤੇ ਉਨ੍ਹਾਂ ਦੇ ਮੁਖੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੋਂ ਵਰੋਸਾਏ ਬ੍ਰਹਮਗਿਆਨੀ ਮਹਾਂਪੁਰਸ਼ਾਂ ਦੀ ਸੰਪਰਦਾਇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੀ, ਰਾੜਾ ਸਾਹਿਬ ਸੰਪਰਦਾਇ ਨਾਲ ਆ ਰਲਦੀ ਹੈ ਜਿਸ ਦੇ ਮੁਖੀ ਸ੍ਰੀ ਮਾਨ ਸੰਤ ਈਸ਼ਰ ਸਿੰਘ ਜੀ ਅਤੇ ਉਨ੍ਹਾਂ ਤੋਂ ਵਰੋਸਾਏ ਹੋਏ ਸ੍ਰੀ ਮਾਨ ਸੰਤ ਵਰਿਆਮ ਸਿੰਘ ਜੀ ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਗੁਰਮਤਿ ਦੇ ਪ੍ਰਚਾਰ ਹਿਤ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਕਾਇਮ ਕਰਕੇ ਸੰਨ 1986 ਵਿੱਚ ਰਤਵਾੜਾ ਸਾਹਿਬ ਵਿਖੇ ਗੁਰਦੁਆਰਾ ਈਸ਼ਰ ਪ੍ਰਕਾਸ਼ ਸਥਾਪਿਤ ਕੀਤਾ।
ਆਤਮ ਮਾਰਗ ਮੈਗਜ਼ੀਨ, ਧਾਰਮਿਕ ਪੁਸਤਕਾਂ, ਆਡੀਓ-ਵੀਡੀਓ ਕੈਸਟਾਂ ਰਾਹੀਂ ਅਤੇ ਰਤਵਾੜਾ ਸਾਹਿਬ ਹਫ਼ਤਾਵਾਰੀ ਦੀਵਾਨ ਅਤੇ ਦੂਰ-ਨੇੜੇ ਦੇ ਪਿੰਡਾਂ ਅਤੇ ਪਛੜਿਆਂ ਇਲਾਕਿਆਂ ਵਿੱਚ ਗੁਰਮਤਿ ਦੀਵਾਨ ਲਗਾ ਕੇ ਗੁਰਮਤਿ ਨੂੰ ਘਰ-ਘਰ ਪਹੁੰਚਾਇਆ ਜੋ ਨਿਰੰਤਰ ਜਾਰੀ ਹੈ। ਉੱਚ ਵਿਦਿਆ ਤੇ ਧਾਰਮਿਕ ਵਿਦਿਆ ਲਈ ਸਕੂਲ ਤੇ ਕਾਲਜ ਸਥਾਪਿਤ ਕੀਤੇ ਅਤੇ ਪਿੰਡਾਂ ਦੀਆਂ ਲੋੜਵੰਦ ਗਰੀਬ ਬੱਚੀਆਂ ਲਈ ਸਿਲਾਈ-ਕਢਾਈ ਦਾ ਸਕੂਲ ਸਥਾਪਿਤ ਕੀਤਾ। ਇਸ ਤੋਂ ਇਲਾਵਾ ਬਜ਼ੁਰਗਾਂ ਲਈ ਬਿਰਧ ਆਸ਼ਰਮ ਤੇ ਬੀਮਾਰਾਂ ਦੇ ਇਲਾਜ ਲਈ ਹਸਪਤਾਲ ਕਾਇਮ ਕੀਤਾ। ਸਾਰੇ ਅਦਾਰੇ ਤੇ ਸੇਵਾਵਾਂ ਸਾਰੇ ਮੈਂਬਰਾਂ ਤੇ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਮੌਜੂਦਾ ਚੇਅਰਮੈਨ, ਬਾਬਾ ਲਖਬੀਰ ਸਿੰਘ ਜੀ ਦੀ ਸੁਚੱਗੀ ਅਗਵਾਈ ਹੇਠ ਭਲੀਭਾਂਤ ਤਰੱਕੀ ਦੇ ਰਾਹ ਤੇ ਚੱਲ ਰਹੀਆਂ ਹਨ।
ਇਨ੍ਹਾਂ ਤਿੰਨਾਂ ਸ਼ਬਦਾਂ ਦੇ ਬੜੇ ਡੂੰਘੇ ਭਾਵ ਬਣਦੇ ਹਨ। ਵਿਸ਼ਵ ਭਾਵ ਸਾਰੀ ਸ੍ਰਿਸ਼ਟੀ ਸ਼ਬਦ ਦੇ ਆਸਰੇ ਖੜ੍ਹੀ ਹੈ ਤੇ ਚਲ ਰਹੀ ਹੈ। ਸੰਸਾਰ ਇਸ ਸ਼ਬਦ ਨੂੰ 'ਗੁਰੂ' ਧਾਰਨ ਕਰਕੇ 'ਗੁਰਮਤਿ' ਵਿੱਚ ਆ ਜਾਵੇ, ਫਿਰ ਆਤਮਿਕ ਤੌਰ ਤੇ ਸੁਖੀ ਹੋ ਜਾਵੇਗਾ। ਇਸੇ ਕਰਕੇ ਮਹਾਂਪੁਰਸ਼ਾਂ ਨੇ ਇਸ ਦਾ ਨਾਮ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰੱਖਿਆ ਹੈ।
ਸੰਸਥਾ ਦੇ ਮੁੱਖ ਉਦੇਸ਼
-
1.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਰਾਹੀਂ ਪ੍ਰੇਰਣਾ ਦੇ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸ਼ਬਦ ਗੁਰੂ ਦੇ ਲੜ ਲਾਉਣਾ।
-
2.
ਗੁਰਮਤਿ ਦੇ ਗੂੜ੍ਹ ਸਿਧਾਂਤਾਂ ਨੂੰ ਨਿਰੂਪਣ ਕਰਨ ਲਈ, ਧਾਰਮਿਕ ਵਿਦਿਆ ਅਤੇ ਗੁਰਮਤਿ ਸੰਗੀਤ (ਕੀਰਤਨ) ਲਈ ਵਿਦਿਆਲੇ ਖੋਲ੍ਹਣਾ।
-
3.
ਸਿੱਖ ਇਤਿਹਾਸ ਅਤੇ ਸਮੂਹ ਮਹਾਂਪੁਰਸ਼ਾਂ ਦੇ ਜੀਵਨ ਤੇ ਹੋਰ ਧਰਮਾਂ ਦੇ ਅਧਿਐਨ ਸਬੰਧੀ ਵਿਦਿਆਕ ਅਦਾਰਾ ਸਥਾਪਤ ਕਰਨਾ।
-
4.
ਵਿਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇਣੇ। ਉੱਚ ਦਰਜੇ ਦੀ ਵਿਦਿਆ ਲਈ ਸਕੂਲ ਅਤੇ ਕਾਲਜ ਖੋਲ੍ਹਣੇ।
-
5.
ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਹਰਿਆਲੀ ਭਰਪੂਰ ਕਰਨਾ, ਰੁੱਖ ਲਗਾਣੇ।
-
6.
ਗਰੀਬ, ਅਪਾਹਜ, ਬੇਸਹਾਰਾ ਅਤੇ ਆਰਥਿਕ ਤੌਰ 'ਤੇ ਪਛੜੇ ਹੋਏ ਵਰਗਾਂ ਲਈ ਲੋੜੀਂਦੀ ਸਹਾਇਤਾ ਦੇਣਾ।
-
7.
ਲੋੜਵੰਦ ਪਰਿਵਾਰਾਂ ਦੇ ਬੱਚੇ-ਬੱਚੀਆਂ ਦੀਆਂ ਸ਼ਾਦੀਆਂ ਲਈ ਆਰਥਿਕ ਸਹਾਇਤਾ ਤੇ ਲੋੜੀਂਆਂ ਵਸਤਾਂ ਦਾ ਪ੍ਰਬੰਧ ਕਰਨਾ।
-
8.
ਮਰੀਜ਼ਾਂ ਦੇ ਸੁਚੱਜੇ ਇਲਾਜ ਲਈ ਆਧੁਨਿਕ ਤਕਨੀਕ ਨਾਲ ਲੈਸ ਹਸਪਤਾਲ ਸਥਾਪਤ ਕਰਨਾ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋੜਵੰਦਾਂ ਲਈ ਫ਼ਰੀ ਦਵਾਈਆਂ ਅਤੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰਨਾ।
-
9.
ਕੁਦਰਤੀ ਆਫ਼ਤਾਂ ਜਿਵੇਂ ਕਿ ਭੁਚਾਲ, ਹੜ੍ਹ ਆਦਿ ਸਮੇਂ ਲੋੜਵੰਦਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨੀ।
-
10.
ਭਰੂਣ ਹੱਤਿਆ ਦੇ ਘੋਰ ਪਾਪ ਤੋਂ ਬਚਣ ਲਈ ਸਮਾਜ ਨੂੰ ਗੁਰਮਤਿ ਸਿਧਾਂਤਾਂ ਰਾਹੀਂ ਜਾਗਰੂਕ ਕਰਕੇ ਇਸ ਨੂੰ ਠੱਲ੍ਹ ਪਾਉਣੀ।
-
11.
ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਤੋਂ ਛੁਟਕਾਰਾ ਦਿਵਾ ਕੇ ਉਨ੍ਹਾਂ ਨੂੰ ਸਿੱਖੀ ਦੇ ਅਮੀਰ ਵਿਰਸੇ ਨਾਲ ਜੋੜਨਾ।
-
12.
ਦੇਸ਼ ਤੇ ਵਿਦੇਸ਼ ਵਿੱਚ ਗੁਰਮਤਿ ਕੈਂਪਾਂ ਰਾਹੀਂ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨਾ।
-
13.
ਰੁਜ਼ਗਾਰ ਪੱਖੋਂ ਆਤਮ-ਨਿਰਭਰ ਬਣਨ ਲਈ ਵੱਖ-ਵੱਖ ਕਿੱਤਾਮੁਖੀ ਕੋਰਸਾਂ ਦੀ ਫ਼ਰੀ ਸਿਖਲਾਈ ਦੇਣੀ।