ਸੰਤ ਮਾਤਾ ਰਣਜੀਤ ਕੌਰ ਜੀ

ਬਾਨੀ ਅਤੇ ਫ਼ਰਜ਼ੰਦ ਟਰੱਸਟੀ
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ, ਰਤਵਾੜਾ ਸਾਹਿਬ
ਸੰਤ ਮਾਤਾ ਰਣਜੀਤ ਕੌਰ ਜੀ
8 ਅਗਸਤ 1928 — 1 ਨਵੰਬਰ 2013

ਆਪ ਜੀ ਦਾ ਜਨਮ ਪਿੰਡ ਦਾਊਦਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਸੰਤ ਹੀਰਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ। ਉਹ ਬਹੁਤ ਬੰਦਗੀ ਵਾਲੇ ਸਨ ਤੇ ਜਿੰਨ੍ਹਾਂ ਨੂੰ ਗੁਰਮੁਖ ਪਿਆਰੇ ਮਹਾਂਪੁਰਸ਼ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਪ੍ਰਾਪਤ ਸੀ। ਮਾਤਾ ਜੀ ਦੇ ਜਨਮ ਤੋਂ ਪਹਿਲਾਂ ਦੀ ਗੱਲ ਹੈ ਕਿ ਸੰਤ ਮਹਾਰਾਜ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਕਰਤਾਰ ਸਿੰਘ ਜੀ ਦੇ ਗ੍ਰਹਿ ਵਿਖੇ ਅਖੰਡ ਪਾਠ ਸਾਹਿਬ ਸਮੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਨਾਲ ਸੰਤ ਹੀਰਾ ਸਿੰਘ ਜੀ ਵੀ ਆਏ ਸਨ। ਉੱਥੇ ਉਨ੍ਹਾਂ ਨੇ ਭਵਿੱਖਤ ਬਚਨ ਕੀਤਾ ਕਿ ਸਾਡੇ ਗ੍ਰਹਿ ਵਿਖੇ ਇੱਕ ਬੱਚੀ ਨੇ ਜਨਮ ਲੈਣਾ ਹੈ ਤੇ ਤੁਹਾਡੇ ਗ੍ਰਹਿ ਇੱਕ ਬੱਚੇ ਨੇ ਜਨਮ ਲੈਣਾ ਹੈ, ਉਨ੍ਹਾਂ ਦੋਵਾਂ ਦਾ ਧੁਰ ਦਾ ਸੰਜੋਗ ਹੈ। ਉਹ ਬੰਦਗੀ ਵਾਲੇ ਹੋਣਗੇ ਤੇ ਸਿੱਖੀ ਦਾ ਪ੍ਰਚਾਰ ਕਰਨਗੇ। ਸੋ ਬੀਜੀ ਸਹਿਜ ਸੁਭਾਅ ਹੀ ਗੁਰਸਿੱਖੀ ਦੇ ਸੁਨਹਿਰੀ ਅਸੂਲਾਂ ਦੇ ਧਾਰਨੀ ਸਨ। ਸਾਰੀ ਸੰਗਤ ਉਨ੍ਹਾਂ ਨੂੰ ਪਿਆਰ ਨਾਲ 'ਬੀਜੀ' ਕਹਿ ਕੇ ਸੰਬੋਧਿਤ ਕਰਦੀ ਸੀ।

ਆਪ ਜੀ ਨੇ ਸੰਤ ਮਹਾਰਾਜ ਜੀ ਦਾ ਹਰ ਖੇਤਰ ਵਿੱਚ ਪੂਰਾ-ਪੂਰਾ ਸਾਥ ਦਿੱਤਾ ਤੇ ਬਚਨ ਕੀਤਾ ਕਿ ਤੁਸੀਂ 'ਭਗਤੀ ਕਰੋ' ਮੈਂ ਕਦੀ ਵੀ ਵਿਘਨਕਾਰੀ ਨਹੀਂ ਬਣਾਂਗੀ। ਜਦੋਂ ਆਪ ਜੀ ਸਿੰਧ ਗਏ ਤਾਂ ਉੱਥੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਗੁਰਮੁਖੀ ਸਿਖਾ ਕੇ, ਸੰਥਿਆ ਦੇ ਕੇ ਗੁਰਬਾਣੀ ਦਾ ਪਾਠ ਕਰਨ ਦੇ ਯੋਗ ਬਣਾਇਆ। ਜੇ ਯੂ.ਪੀ. ਫ਼ਾਰਮ 'ਤੇ ਰਹੇ, ਉੱਥੇ ਫ਼ਾਰਮ 'ਤੇ ਰਹਿ ਕੇ ਜਿੱਥੇ ਖੇਤੀਬਾੜੀ ਵਿੱਚ ਸਾਥ ਦਿੱਤਾ, ਉੱਥੇ ਗੁਰਮਤਿ ਪ੍ਰਚਾਰ ਵਿੱਚ ਵੀ ਬੀਬੀਆਂ ਤੇ ਭਾਈਆਂ ਨੂੰ ਦੀਵਾਨ ਵਿੱਚ ਬੈਠਣ ਅਤੇ ਕੀਰਤਨ-ਉਪਦੇਸ਼ ਸੁਣਨ ਦੇ ਢੰਗ ਸਿਖਾਏ। ਬੀਬੀਆਂ ਨੂੰ ਫ਼ਜ਼ੂਲ ਵਹਿਮਾਂ-ਭਰਮਾਂ ਤੋਂ ਹਟਾ ਕੇ ਗੁਰਬਾਣੀ 'ਤੇ ਭਰੋਸਾ ਕਰਨ ਦੀ ਪ੍ਰੇਰਨਾ dinde। ਇਸੇ ਤਰ੍ਹਾਂ ਜਦੋਂ ਚੰਡੀਗੜ੍ਹ ਆਏ ਤਾਂ ਉੱਥੇ ਵੀ ਸੰਗਤਾਂ ਨੂੰ ਨਸ਼ਿਆਂ, ਤੰਬਾਕੂ ਆਦਿ ਦਾ ਤਿਆਗ ਕਰਨ, ਮੜ੍ਹੀਆਂ-ਮਸਾਣੀਆਂ ਨੂੰ ਪੂਜਣ ਤੋਂ ਵਰਜ ਕੇ ਨਾਮ-ਬਾਣੀ ਦੀ ਪ੍ਰੇਰਨਾ ਦੇ ਕੇ ਗੁਰੂ ਘਰ ਨਾਲ ਜੋੜਿਆ।

ਪਿਆਰ ਦੀ ਮੂਰਤ

ਆਪ ਜੀ ਪਿਆਰ ਦੀ ਮੂਰਤ ਤੇ ਸੰਗਤ ਲਈ ਪ੍ਰੇਰਨਾ ਦਾ ਸਰੋਤ ਸਨ। ਜੋ ਕੁਝ ਗਲਤ ਦਿਸਦਾ, ਉਸ ਨੂੰ ਮਿੱਠੀ ਤਾੜਨਾ ਵੀ ਕਰ ਦਿਆ ਕਰਦੇ ਸਨ। ਸੰਤ ਮਹਾਰਾਜ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਵੀ ਉਹ ਮਿਸ਼ਨ ਦੇ ਕਾਰਜਾਂ ਨੂੰ ਆਪਣੀ ਸੁਚੱਜੀ ਸੇਧ ਦੇ ਕੇ ਅੱਗੇ ਤੋਰਦੇ ਰਹੇ ਤਾਂ ਜੋ ਸੰਤ ਮਹਾਰਾਜ ਦਾ ਚਲਾਇਆ ਮਿਸ਼ਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ।

1 ਨਵੰਬਰ 2013 ਨੂੰ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਉਹ ਸੱਚਖੰਡ ਦੇ ਵਾਸੀ ਬਣ ਗਏ। ਸੰਗਤ ਹਮੇਸ਼ਾ ਉਨ੍ਹਾਂ ਵੱਲੋਂ ਮਿਲਦੇ 'ਮਾਵਾਂ' ਵਾਲੇ ਨਿੱਘੇ ਪਿਆਰ ਨੂੰ ਸਲਾਹੁੰਦੀ ਅਤੇ ਤਰਸਦੀ ਹੈ।