ਸੰਤ ਬਾਬਾ ਹਰਪਾਲ ਸਿੰਘ ਜੀ

ਫ਼ਾਊਂਡਰ ਟਰੱਸਟੀ
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ, ਰਤਵਾੜਾ ਸਾਹਿਬ
ਸੰਤ ਬਾਬਾ ਹਰਪਾਲ ਸਿੰਘ ਜੀ
ਸੇਵਾ ਅਤੇ ਪ੍ਰਚਾਰ ਨੂੰ ਸਮਰਪਿਤ ਜੀਵਨ

ਆਪ ਜੀ ਦਾ ਜਨਮ ਜ਼ਿਲ੍ਹਾ ਰੋਪੜ ਦੇ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ। ਮੁੱਢਲੀ ਵਿਦਿਆ ਆਪ ਜੀ ਨੇ ਇੱਥੋਂ ਹੀ ਪ੍ਰਾਪਤ ਕੀਤੀ। ਜਿੱਥੇ ਖੇਤੀਬਾੜੀ ਕਰਦਿਆਂ ਗੁਰਮਤਿ ਦੇ ਸੁਨਹਿਰੀ ਅਸੂਲਾਂ ਦੀ ਪਾਲਣਾ ਕਰਦੇ ਹੋਏ ਆਪ ਜੀ ਸੇਵਾ-ਸਿਮਰਨ ਤੇ ਨਿਤਨੇਮ ਵਿੱਚ ਲਿਵਲੀਨ ਰਹੰਦੇ, ਉੱਥੇ ਹੀ ਆਪ ਜੀ ਦਾ ਮਿਲਾਪ ਪਿਆਰੇ ਮਹਾਂਪੁਰਸ਼ ਸ੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਨਾਲ ਹੋਇਆ। ਉਨ੍ਹਾਂ ਦੀ ਧਾਰਮਿਕ ਤੇ ਰੂਹਾਨੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਵੱਲੋਂ ਚਲਾਈ ਜਾ ਰਹੀ ਗੁਰਮਤਿ ਪ੍ਰਚਾਰ ਦੀ ਮੁਹਿੰਮ ਵਿੱਚ ਆਪ ਪੂਰੀ ਤਨਦੇਹੀ ਨਾਲ ਸੇਵਾ ਤੇ ਸਿਮਰਨ ਵਿੱਚ ਜੁੱਟ ਗਏ। ਜਿੱਥੇ ਕਿਤੇ ਵੀ ਉਨ੍ਹਾਂ ਦੇ ਦੀਵਾਨ ਹੁੰਦੇ, ਆਪ ਜੀ ਉੱਥੇ ਪਹਿਲਾਂ ਹੀ ਪਹੁੰਚ ਜਾਂਦੇ ਸਨ।

ਸਾਲ 1989 ਵਿੱਚ ਥਾਪਰ ਕਾਲਜ ਪਟਿਆਲਾ ਤੋਂ ਆਪ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਪਾਸ ਕੀਤਾ ਅਤੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਕੋਲ ਆ ਵਿਰਾਜੇ। ਸੰਤ ਬਾਬਾ ਵਰਿਆਮ ਸਿੰਘ ਜੀ ਨਾਲ ਹੋਈ ਪਹਿਲੀ ਹੀ ਮਿਲਣੀ ਵਿੱਚ ਆਪ ਜੀ ਨੇ ਆਪਣਾ ਤਨ-ਮਨ-ਧਨ ਵੇਚ ਦਿੱਤਾ ਅਤੇ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ। ਮਹਾਂਪੁਰਸ਼ ਕਿਸੇ ਅਜਿਹੇ ਅਸਥਾਨ ਦੀ ਭਾਲ ਵਿੱਚ ਸਨ ਜਿੱਥੇ ਇੱਕ ਬਹੁਤ ਵੱਡਾ ਸੈਂਟਰ ਬਣ ਸਕੇ ਅਤੇ ਸਾਰੇ ਸੰਸਾਰ ਵਾਸਤੇ ਗੁਰਮਤਿ ਪ੍ਰਚਾਰ ਦਾ ਸੋਮਾ ਕਾਇਮ ਹੋ ਸਕੇ। ਆਪ ਜੀ ਨੇ ਹਿੰਮਤ ਕੀਤੀ ਅਤੇ ਇਲਾਕੇ ਦੇ ਪਤਵੰਤਿਆਂ ਨੂੰ ਮਨਾਇਆ। ਰਤਵਾੜਾ ਸਾਹਿਬ ਵਾਲੀ ਥਾਂ 'ਤੇ ਅਸਥਾਨ ਬਣਾਉਣ ਦੀ ਯੋਜਨਾ ਬਣੀ ਅਤੇ ਆਪ ਜੀ ਨੇ ਮਹਾਂਪੁਰਖਾਂ ਨੂੰ ਇਸ ਲਈ ਮਨਾਇਆ। ਪਹਿਲਾਂ 10 ਏਕੜ ਜ਼ਮੀਨ ਦਾਨ ਵਜੋਂ ਪ੍ਰਾਪਤ ਹੋਈ ਅਤੇ 1986 ਵਿੱਚ ਕਾਰ ਸੇਵਾ ਆਰੰਭ ਹੋਈ, ਜਿੱਥੇ ਲੱਖਾਂ ਹੀ ਪ੍ਰਾਣੀਆਂ ਦਾ ਉਧਾਰ ਸੇਵਾ-ਸਿਮਰਨ ਰਾਹੀਂ ਹੋਇਆ।

ਮਹਾਂਪੁਰਖਾਂ ਦੇ ਪਵਿੱਤਰ ਬਚਨ

ਮਹਾਂਪੁਰਖਾਂ ਨੇ ਬਚਨ ਕੀਤੇ ਸਨ: "ਤੁਸੀਂ ਦੁਨਿਆਵੀ ਕੰਮਾਂ ਲਈ ਸੰਸਾਰ 'ਤੇ ਨਹੀਂ ਆਏ, ਗੁਰੂ ਮਹਾਰਾਜ ਜੀ ਨੇ ਤੁਹਾਥੋਂ ਬਹੁਤ ਵੱਡੀ ਸੇਵਾ ਲੈਣੀ ਹੈ।" ਇਸ ਹੁਕਮ ਅੱਗੇ ਸੀਸ ਝੁਕਾਉਂਦੇ ਹੋਏ, ਆਪ ਜੀ ਘਰ ਦਾ ਤਿਆਗ ਕਰਕੇ ਅਤੇ ਦੁਨਿਆਵੀ ਧੰਦੇ ਸੰਕੋਚ ਕੇ ਰਤਵਾੜਾ ਸਾਹਿਬ ਆ ਗਏ।

ਗੁਰਬਾਣੀ ਦੇ ਫ਼ੁਰਮਾਨ 'ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥' ਅਨੁਸਾਰ ਆਪ ਜੀ ਨੇ ਪੂਰਨ ਤੌਰ 'ਤੇ ਨਿਸ਼ਕਾਮ ਹੋ ਕੇ ਆਪਣਾ ਸਮੁੱਚਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਪ੍ਰਚਾਰ ਹਿਤ, ਮਹਾਂਪੁਰਸ਼ਾਂ ਤੇ ਸੰਗਤਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਗੁਰਮਤਿ ਦੀਵਾਨਾਂ ਵਿੱਚ ਸ਼ਬਦ ਗਾਇਨ ਕਰਦਿਆਂ ਆਪ ਜੀ ਦੀ ਮਿੱਠੀ ਤੇ ਸੁਰੀਲੀ ਲੈਅ ਸੰਤ ਮਹਾਰਾਜ ਜੀ ਵਾਂਗੂੰ ਵਾਤਾਵਰਣ ਨੂੰ ਪਵਿੱਤਰ ਕਰਦੀ ਹੋਈ, ਐਸਾ ਰਸ ਤੇ ਆਨੰਦ ਦਿੰਦੀ ਹੈ ਕਿ ਸਰੋਤੇ ਆਪ-ਮੁਹਾਰੇ ਮੁਗਧ ਹੋ ਕੇ ਗੁਰਸਿੱਖੀ ਜੀਵਨ ਵੱਲ ਪ੍ਰੇਰਿਤ ਹੋ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਇਹ ਸਾਰੀ ਬਖਸ਼ਿਸ਼ ਪਿਆਰੇ ਮਹਾਂਪੁਰਸ਼ਾਂ ਤੇ ਸਤਿਕਾਰਯੋਗ ਬੀਜੀ ਵੱਲੋਂ ਹੋਈ ਹੈ। ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਉਪਰੰਤ ਆਪ ਜੀ ਨੇ ਰਤਵਾੜਾ ਸਾਹਿਬ ਦੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।

ਦੇਸ਼ ਭਰ ਵਿੱਚ ਭਿੰਨ-ਭਿੰਨ ਥਾਵਾਂ 'ਤੇ ਆਪ ਜੀ ਦੇ ਦੀਵਾਨ ਲੱਗਦੇ ਰਹਿੰਦੇ ਹਨ ਅਤੇ ਵਿਦੇਸ਼ਾਂ ਤੋਂ ਸੰਗਤਾਂ ਦੇ ਬੁਲਾਵੇ 'ਤੇ, ਜਿਵੇਂ ਸੰਤ ਮਹਾਰਾਜ ਪ੍ਰਚਾਰ ਫੇਰੀ ਲਈ ਜਾਂਦੇ ਸੀ, ਆਪ ਜੀ ਵਿਦੇਸ਼ਾਂ ਵਿੱਚ ਗੁਰਮਤਿ ਪ੍ਰਚਾਰ ਹਿਤ ਅਕਸਰ ਜਾਂਦੇ ਰਹਿੰਦੇ ਹਨ। ਟਰੱਸਟ ਦੇ ਸਾਰੇ ਕਾਰਜਾਂ ਨੂੰ ਸਮੂਹ ਮੈਂਬਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੂ-ਬ-ਹੂ ਉਨ੍ਹਾਂ ਲੀਹਾਂ 'ਤੇ ਤੋਰ ਰਹੇ ਹਨ ਜਿਵੇਂ ਪਿਆਰੇ ਮਹਾਂਪੁਰਸ਼ ਚਲਾਉਂਦੇ ਹੁੰਦੇ ਸੀ।

ਆਪ ਜੀ ਦੇ ਜੁੱਸੇ ਦੀ ਬਣਤਰ ਪੁਰਾਣੇ ਸਿੰਘ ਜੋਧਿਆਂ ਵਰਗੀ ਹੈ ਅਤੇ ਸੁਭਾਅ ਬਹੁਤ ਕੋਮਲ ਹੈ। ਸਭ ਨਾਲ ਪਿਆਰ ਤੇ ਹਮਦਰਦੀ ਕਰਨ ਵਾਲੇ, ਸਭ ਦੀ ਮਦਦ ਕਰਨ ਵਾਲੇ, ਸਭ ਦੀਆਂ ਸਮੱਸਿਆਵਾਂ ਨਜਿੱਠਣ ਵਾਲੇ ਅਤੇ ਸਭ ਨਾਲ ਮਿੱਠਾ ਬੋਲਣ ਵਾਲੇ ਹਨ; ਆਪ ਕਦੀ ਕਿਸੇ ਨਾਲ ਨਾਰਾਜ਼ ਨਹੀਂ ਹੁੰਦੇ ਅਤੇ ਸਭ ਨਾਲ ਸਹਿਜ ਵਿੱਚ ਵਰਤਦੇ ਹਨ। ਇਸੇ ਕਰਕੇ, ਸਾਰੇ ਅਦਾਰੇ ਜੋ ਮਹਾਂਪੁਰਸ਼ਾਂ ਨੇ ਸ਼ੁਰੂ ਕੀਤੇ ਸਨ, ਉਨ੍ਹਾਂ ਨੂੰ ਕੇਵਲ ਅੱਗੇ ਹੀ ਨਹੀਂ ਤੋਰਿਆ ਗਿਆ, ਸਗੋਂ ਉਹ ਦਿਨੋ-ਦਿਨ ਤਰੱਕੀ ਦੇ ਰਾਹ 'ਤੇ ਵੱਡੀਆਂ ਉਲਾਂਘਾਂ ਭਰ ਰਹੇ ਹਨ।