ਸ੍ਰੀ ਮਾਨ ਸੰਤ ਵਰਿਆਮ ਸਿੰਘ ਜੀ
ਆਪ ਜੀ ਦਾ ਜਨਮ ਪਿੰਡ ਧਮੋਟ, ਜ਼ਿਲ੍ਹਾ ਲੁਧਿਆਣਾ (ਪੰਜਾਬ) ਦੇ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ। ਪੂਰਬਲੇ ਜਨਮਾਂ ਦੀਆਂ ਕਮਾਈਆਂ ਤੇ ਸੰਸਕਾਰਾਂ ਸਦਕਾ ਆਪ ਜੀ ਨੇ ਪੰਜ ਸਾਲ ਦੀ ਉਮਰ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰ ਲਿਆ। 18 ਸਾਲ ਦੀ ਉਮਰ ਤੱਕ ਆਪ ਪੜ੍ਹਾਈ-ਲਿਖਾਈ ਅਤੇ ਘਰੇਲੂ ਕੰਮ ਕਰਦੇ ਹੋਏ ਵੀ ਵੱਧ ਤੋਂ ਵੱਧ ਸਮਾਂ ਨਾਮ ਸਿਮਰਨ ਵਿੱਚ ਬਿਤਾਉਂਦੇ ਸੀ। ਇਸੇ ਕਰਕੇ ਸੰਤ ਮਹਾਰਾਜ ਰਾੜੇ ਸਾਹਿਬ ਵਾਲਿਆਂ ਨੇ ਆਪ ਜੈਸੇ ਅਮੋਲਕ ਹੀਰੇ ਨੂੰ ਪਹਿਲੀ ਮਿਲਣੀ ਵਿੱਚ ਹੀ ਪਰਖ ਕੇ ਇਹ ਬਚਨ ਕੀਤਾ ਸੀ, 'ਅੱਜ ਸੁਹਾਗਣ ਨੂੰ ਸੁਹਾਗਣ ਮਿਲੀ ਹੈ।' ਉਨ੍ਹਾਂ ਦੇ ਹੁਕਮ ਤੇ ਸਹਿਜ ਵਿੱਚ ਰਹਿ ਕੇ ਆਪ ਜੀ ਨੇ ਸਾਰਾ ਜੀਵਨ ਬਤੀਤ ਕੀਤਾ। ਭਰ ਜੁਆਨੀ ਵਿੱਚ ਸਿੰਧ ਵਿਖੇ ਗੁਰਮਤਿ ਪ੍ਰਚਾਰ ਕੀਤਾ, ਫਿਰ ਸੈਕਟਰੀਏਟ ਸਰਵਿਸ ਕੀਤੀ ਅਤੇ ਚੰਡੀਗੜ੍ਹ ਦੀਵਾਨ ਸਜਾਉਂਦੇ ਰਹੇ।
ਮਹਾਂਪੁਰਸ਼ਾਂ ਦਾ ਹੁਕਮ ਪਾ ਕੇ ਯੂ.ਪੀ. ਵਿੱਚ ਫ਼ਾਰਮ ਆਬਾਦ ਕੀਤਾ ਤੇ ਖੇਤੀ-ਬਾੜੀ ਕਰਦੇ ਹੋਏ ਨਾਲ-ਨਾਲ ਕਥਾ-ਕੀਰਤਨ ਦੁਆਰਾ ਗੁਰਮਤਿ ਉਪਦੇਸ਼ ਦੇ ਕੇ ਲੱਖਾਂ ਪ੍ਰਾਣੀਆਂ ਨੂੰ ਨਸ਼ੇ, ਚੋਰੀਆਂ ਤੋਂ ਹਟਾ ਕੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ 'ਸ਼ਬਦ' ਗੁਰੂ ਦੇ ਲੜ ਲਾਇਆ। ਜਿੱਥੇ ਕਿੱਥੇ ਵੀ ਆਪ ਨੇ ਕੰਮ ਕੀਤਾ, ਆਪਣੀ ਮਿਸਾਲ ਕਾਇਮ ਕਰ ਦਿੱਤੀ। ਜੇ ਸਿੰਧ ਵਿੱਚ ਰਹੇ ਤਾਂ ਉੱਥੇ ਜਾਤ-ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਭ ਨਾਲ ਇੱਕੋ ਜਿਹਾ ਪਿਆਰ ਭਰਿਆ ਵਰਤਾਰਾ ਕੀਤਾ; ਜੇ ਸੈਕਟਰੀਏਟ ਸਰਵਿਸ ਕੀਤੀ ਤਾਂ ਦਿਨ-ਰਾਤ ਤਨਦੇਹੀ ਨਾਲ ਦਫ਼ਤਰੀ ਕੰਮ ਨੂੰ ਨਿਬੇੜਿਆ ਤਾਂ ਜੋ ਗਰੀਬ ਲੋਕਾਂ ਨਾਲ ਕੋਈ ਧੱਕਾ ਨਾ ਹੋਵੇ, ਜਿਸ ਦੇ ਫਲਸਰੂਪ ਆਪ ਜੀ ਨੂੰ ਕਮਿਸ਼ਨਰ ਫਲੈਚਰ ਵੱਲੋਂ ਸਪੈਸ਼ਲ ਸਨਮਾਨ ਪੱਤਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਜਦੋਂ ਪਟਿਆਲੇ ਫ਼ੌਜ ਵਿੱਚ ਸਰਵਿਸ ਕੀਤੀ, ਉੱਥੇ ਵੀ ਰਿਸ਼ਵਤ ਲੈਣ ਤੋਂ ਨਾਂਹ ਕਰਕੇ ਸੱਚ 'ਤੇ ਪਹਿਰਾ ਦਿੱਤਾ ਜਿਸ ਤੋਂ ਅਫ਼ਸਰਾਂ ਨੂੰ ਵੀ ਚੰਗੀ ਸਿੱਖਿਆ ਪ੍ਰਾਪਤ ਹੋਈ। ਜੇ ਯੂ.ਪੀ. ਫ਼ਾਰਮਿੰਗ ਦਾ ਕੰਮ ਕੀਤਾ ਤਾਂ ਨਾਲ-ਨਾਲ ਦਿਨ ਰਾਤ ਗੁਰਮਤਿ ਦੀਵਾਨ ਲੱਗਦੇ ਜਿਸ ਵਿੱਚ ਆਪ ਆਪਣੀ ਟਰੈਕਟਰ-ਟਰਾਲੀ ਦੁਆਰਾ ਸੰਗਤਾਂ ਨੂੰ ਲੈ ਕੇ ਜਾਂਦੇ ਸਨ।
ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਜਦੋਂ ਯੂ.ਪੀ. ਦੇ ਦੀਵਾਨਾਂ ਵਿੱਚ ਆਪ ਦੇ ਫ਼ਾਰਮ 'ਤੇ ਚਰਨ ਪਾਉਣ ਆਏ ਤਾਂ ਆਪ ਦਾ ਨਾਮ ਲੈ ਕੇ ਬਚਨ ਕੀਤਾ ਕਿ: "ਵਰਿਆਮ ਸਿੰਘ! ਫ਼ਕੀਰੀ ਤੇਰੀ, ਫ਼ਕੀਰੀ ਤੇਰੀ, ਫ਼ਕੀਰੀ ਤੇਰੀ।" ਭਾਵ ਗ੍ਰਹਿਸਥ ਵਿੱਚ ਰਹਿੰਦਿਆਂ ਹੋਇਆਂ ਵੀ ਆਪ ਪੂਰਨ ਸੰਤ ਹੋ।
ਸੰਤ ਮਹਾਰਾਜ ਜੀ ਦਾ ਹੁਕਮ ਪਾ ਕੇ ਤੁਰੰਤ ਹੀ ਫ਼ਾਰਮ ਵੇਚ ਦਿੱਤਾ ਅਤੇ 1978 ਵਿੱਚ ਚੰਡੀਗੜ੍ਹ ਆ ਗਏ ਜਿੱਥੇ ਆਲੇ-ਦੁਆਲੇ ਰੋਪੜ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਪਹਿਲਾ ਦੀਵਾਨ, ਪਿੰਡ ਸਾਰੰਗਪੁਰ (ਚੰਡੀਗੜ੍ਹ) ਵਿੱਚ ਲਾਇਆ। ਫਿਰ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ਪਿੰਡ-ਪਿੰਡ ਤੇ ਘਰ-ਘਰ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਜਦੋਂ ਰੋਪੜ ਜ਼ਿਲ੍ਹੇ ਦੇ ਪ੍ਰੇਮੀ ਆ ਕੇ ਕਹਿੰਦੇ ਕਿ ਸਾਡਾ ਜ਼ਿਲ੍ਹਾ ਪਛੜਿਆ ਹੈ, ਤਾਂ ਆਪ ਬਚਨ ਕਰਦੇ ਕਿ ਰੋਪੜ ਸਿੱਖੀ ਵਿੱਚ ਸਭ ਤੋਂ ਅੱਗੇ ਹੋਵੇਗਾ।
ਇੱਥੇ ਦੇਸ਼ ਵਿੱਚ ਹੀ ਨਹੀਂ, ਬਲਕਿ ਅਮਰੀਕਾ, ਕੈਨੇਡਾ, ਇੰਗਲੈਂਡ ਵਿੱਚ ਵੀ ਪ੍ਰਚਾਰ ਕਰਕੇ ਅਨੇਕਾਂ ਪ੍ਰਾਣੀਆਂ ਨੂੰ 'ਸ਼ਬਦ ਗੁਰੂ' ਦੇ ਲੜ ਲਾਇਆ। ਆਪ ਜੀ ਨੇ ਮਿਸਾਲ ਕਾਇਮ ਕੀਤੀ ਅਤੇ ਕਦੀ ਵੀ ਕਿਸੇ ਗੁਰੂ ਘਰ ਤੋਂ ਮਾਇਕ ਸਿਰੋਪਾਓ ਸਵੀਕਾਰ ਨਹੀਂ ਕੀਤਾ। ਜੋ ਸਹਿਜ ਸੁਭਾਅ ਮਾਇਆ ਆਈ, ਉਸ ਨੂੰ ਸੰਗਤਾਂ ਦੇ ਭਲੇ ਲਈ ਤੇ ਗੁਰੂ ਕੇ ਲੰਗਰ ਵਾਸਤੇ ਖਰਚ ਕੀਤਾ। ਆਪ ਜੀ 31 ਅਕਤੂਬਰ 2001 ਵਿੱਚ ਵਿਸ਼ਵ ਗੁਰਮਤਿ ਰੂਹਾਨੀਿ ਮਿਸ਼ਨ ਦੀਆਂ ਸਾਰੀਆਂ ਸੇਵਾਵਾਂ ਬਾਬਾ ਲਖਬੀਰ ਸਿੰਘ ਜੀ ਨੂੰ ਸੌਂਪ ਕੇ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਜਾ ਬਿਰਾਜੇ।